ਪੈਟਰੋਲ ਪੰਪਾਂ ‘ਤੇ ਲੋਕਾਂ ਦੀ ਭਾਰੀ ਭੀੜ

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਲੋਕਾਂ ਵਿੱਚ ਇਹ ਚਰਚਾ ਬਣੀ ਹੋਈ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਹੋ ਸਕਦੀ ਹੈ। ਇਸ ਅਫਵਾਹ ਕਾਰਨ ਪੈਟਰੋਲ ਪੰਪਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਡਰ ਦੇ ਮਾਰੇ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਰਹੇ ਹਨ। ਆਓ ਦੇਖਦੇ ਹਾਂ ਇਸ ਮੁੱਦੇ ‘ਤੇ ਸਾਡੀ ਖਾਸ ਰਿਪੋਰਟ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਟਰੋਲ ਪੰਪਾਂ ‘ਤੇ ਅੱਜ ਸਵੇਰ ਤੋਂ ਹੀ ਭਾਰੀ ਭੀੜ ਦੇਖਣ ਨੂੰ ਮਿਲੀ। ਭਾਵੇਂ ਉਹ ਦੋ ਪਹੀਆ ਵਾਹਨ ਹੋਣ ਜਾਂ ਕਾਰਾਂ, ਹਰ ਕੋਈ ਤੇਲ ਪਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ।
ਕਈ ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਉਹ ਪਹਿਲਾਂ ਹੀ ਸਟਾਕ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕੀ ਅਸਲ ਵਿੱਚ ਤੇਲ ਦੀ ਕੋਈ ਕਮੀ ਹੈ?ਪੰਪ ਤੇ ਕੰਮ ਕਰ ਰਹੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤੇਲ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ਼ ਡਰੰਮਾਂ ਜਾਂ ਕੈਨੀਆਂ ਵਿੱਚ ਤੇਲ ਦੇਣ ‘ਤੇ ਪਾਬੰਦੀ ਹੈ, ਪਰ ਵਾਹਨਾਂ ਵਿੱਚ ਜਿੰਨਾ ਮਰਜ਼ੀ ਤੇਲ ਪਵਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਸਿਰਫ਼ ਲੋੜ ਅਨੁਸਾਰ ਹੀ ਤੇਲ ਪਵਾਉਣ।

ਪੈਟਰੋਲ ਪੰਪ ਕਰਮਚਾਰੀ ਕੁਲਵਿੰਦਰ ਸਿੰਘ

ਇਸੇ ਤਰ੍ਹਾਂ ਤੇਲ ਪਵਾਉਣ ਆਏ ਬਲਜੀਤ ਸਿੰਘ ਨੇ ਵੀ ਆਪਣੀ ਰਾਏ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਬੇਲੋੜੀ ਹਫੜਾ-ਦਫੜੀ ਮਚੀ ਹੋਈ ਹੈ। ਉਨ੍ਹਾਂ ਦੇ ਮੁਤਾਬਕ, ਤੇਲ ਦੀ ਸਪਲਾਈ ਆਮ ਵਾਂਗ ਹੈ ਅਤੇ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।

Leave a Reply

Your email address will not be published. Required fields are marked *