ਸੰਗਰੂਰ ਨਗਰ ਕੌਂਸਲ ਦੇ ਖਿਲਾਫ਼ ਕੌਂਸਲਰ ਦਾ ਅਨੋਖਾ ਪ੍ਰਦਰਸ਼ਨ: ਥਾਲੀ ਖੜਕਾ ਕੇ ਜਗਾਇਆ ਪ੍ਰਸ਼ਾਸਨ

​ ਸੰਗਰੂਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਗਰ ਕੌਂਸਲਰ ਨੇ ਆਪਣੀ ਹੀ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਾਰਡ ਨੰਬਰ 22 ਦੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਥਾਲੀ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਦਾ ਦੋਸ਼ ਹੈ ਕਿ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਹੋਏ ਹਨ ਅਤੇ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ।

​ਸੰਗਰੂਰ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਅੱਜ ਮਾਹੌਲ ਕਾਫੀ ਭਖਿਆ ਹੋਇਆ ਸੀ। ਵਾਰਡ ਨੰਬਰ 22 ਦੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਹੱਥ ਵਿੱਚ ਥਾਲੀ ਫੜ ਕੇ ਅਤੇ ਉਸ ਨੂੰ ਖੜਕਾ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਤਾਰਾ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੇ ਡਮਰੂ ਵਜਾਇਆ ਸੀ, ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਹੁਣ ਉਹ ਥਾਲੀ ਖੜਕਾ ਰਹੇ ਹਨ।ਮੈਂ ਕੋਈ ਕੋਰੋਨਾ ਨਹੀਂ ਭਜਾ ਰਿਹਾ, ਮੈਂ ਤਾਂ ਨਗਰ ਕੌਂਸਲ ਅਤੇ ਸਰਕਾਰ ਨੂੰ ਜਗਾ ਰਿਹਾ ਹਾਂ। ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਹੈ, ਸੜਕਾਂ ਟੁੱਟੀਆਂ ਹੋਈਆਂ ਹਨ, ਸਟਰੀਟ ਲਾਈਟਾਂ ਬੰਦ ਹਨ ਅਤੇ ਪਾਣੀ ਦੀ ਲੀਕੇਜ ਠੀਕ ਨਹੀਂ ਹੋ ਰਹੀ। ਡੀਸੀ ਸਾਹਿਬ ਅਤੇ ਏਡੀਸੀ ਸਾਹਿਬ ਨੂੰ ਮਿਲਣ ਲਈ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ।
​ਕੌਂਸਲਰ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਵਾਰਡ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਮੁਤਾਬਕ ਉਹਨਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਪਾਣੀ ਦੀਆਂ ਪਾਈਪਾਂ ਠੀਕ ਕਰਵਾਉਣੀਆਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਸਲੱਮ ਏਰੀਏ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਅਧਿਕਾਰੀ ਸਿਰਫ ਪਟਿਆਲਾ ਗੇਟ ਵਰਗੇ ਇਲਾਕਿਆਂ ਵਿੱਚ ਹੀ ਸਫਾਈ ਦਾ ਡਰਾਮਾ ਕਰਦੇ ਹਨ।
ਬਾਈਟ – ਅਵਤਾਰ ਸਿੰਘ ਤਾਰਾ

​ਇਸ ਪ੍ਰਦਰਸ਼ਨ ਦਾ ਸਮਰਥਨ ਕਰਨ ਪਹੁੰਚੇ ਵਾਰਡ ਨੰਬਰ 26 ਦੇ ਕੌਂਸਲਰ ਪਰਮਿੰਦਰ ਸਿੰਘ ਪਿੰਕੀ ਨੇ ਵੀ ਪ੍ਰਸ਼ਾਸਨ ‘ਤੇ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਸਰਕਾਰ ਸਿਰਫ ਕਮਿਸ਼ਨ ਲੈਣ ਵਾਲੇ ਕੰਮਾਂ ਨੂੰ ਹੀ ਤਰਜੀਹ ਦਿੰਦੀ ਹੈ ਅਤੇ ਆਮ ਜਨਤਾ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਹੈ।ਓਹਨਾ ਕਿਹਾ ਕਿ ਬੜੇ ਚਾਅ ਨਾਲ ਕਮੇਟੀ ਬਣੀ ਸੀ ਕਿ ਨਵੀਂ ਸਰਕਾਰ ਆਈ ਹੈ, ਵਿਕਾਸ ਹੋਵੇਗਾ। ਪਰ ਇੱਥੇ ਤਾਂ ਈ.ਓ. (EO) ਅਤੇ ਪ੍ਰਧਾਨ ਕੋਈ ਸੁਣਵਾਈ ਹੀ ਨਹੀਂ ਕਰਦੇ। ਸਿਰਫ ਫੇਸਬੁੱਕ ‘ਤੇ ਫੋਟੋਆਂ ਪਾਉਣ ਲਈ ਪਟਿਆਲਾ ਗੇਟ ਵਾਲੇ ਪਾਸੇ ਸਫਾਈ ਦਿਖਾਈ ਜਾਂਦੀ ਹੈ, ਬਾਕੀ ਸ਼ਹਿਰ ਦਾ ਬੁਰਾ ਹਾਲ ਹੈ।
ਬਾਈਟ – ਪਰਮਿੰਦਰ ਸਿੰਘ ਪਿੰਕੀ

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸ ਅਨੋਖੇ ਪ੍ਰਦਰਸ਼ਨ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਦੀ ਨੀਂਦ ਖੁੱਲ੍ਹਦੀ ਹੈ ਜਾਂ ਫਿਰ ਸ਼ਹਿਰ ਵਾਸੀਆਂ ਨੂੰ ਅਜਿਹੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *